ਕਾਲੂ ਬਾਬਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਲੂ ਬਾਬਾ.2ਮਾਤਾ ਬਨਾਰਸੀ ਦੇ ਉਦਰ ਤੋਂ ਬੇਦੀ (ਵੇਦੀ) ਸ਼ਿਵਨਾਰਾਯਣ (ਅਥਵਾ ਸ਼ਿਵਰਾਮ) ਦੇ ਘਰ ਸੰਮਤ ੧੪੯੭ ਵਿੱਚ ਆਪ ਦਾ ਜਨਮ, ਅਤੇ ਸੰਮਤ ੧੫੭੯ ਵਿੱਚ ਕਰਤਾਰਪੁਰ ਦੇਹਾਂਤ ਹੋਇਆ. ਆਪ ਜਗਤਗੁਰੂ ਨਾਨਕ ਦੇਵ ਜੀ ਦੇ ਪਿਤਾ ਸਨ. ਭਾਈ ਸੰਤੋਖ ਸਿੰਘ ਜੀ ਨੇ ਦੇਹਾਂਤ ਤਲਵੰਡੀ ਲਿਖਿਆ ਹੈ. ਦੇਖੋ, ਨਾਨਕਪ੍ਰਕਾਸ਼ ਉੱਤਰਾਰਧ ਅ: ੬, ਅੰਗ ੫੭.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1553, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਲੂ ਬਾਬਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਲੂ, ਬਾਬਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ ਦਾ ਜਨਮ ਤਲਵੰਡੀ (ਹੁਣ ਪਾਕਿਸਤਾਨ) ਵਿਚ ਸ਼ਿਵਰਾਮ ਬੇਦੀ ਦੇ ਘਰ ਮਾਤਾ ਬਨਾਰਸੀ ਦੀ ਕੁੱਖੋਂ ਸੰਮਤ 1497 ਬਿਕ੍ਰਮੀ (1440 ਈ.) ਵਿਚ ਹੋਇਆ। ਇਨ੍ਹਾਂ ਦਾ ਬਚਪਨ ਦਾ ਨਾਂ ਕਲਯਾਨ ਚੰਦ ਸੀ। ਆਪ ਦੇ ਛੋਟੇ ਭਰਾ ਦਾ ਨਾਂ ਲਾਲ ਚੰਦ ਸੀ। ਦੋਵੇਂ ਭਰਾ ਕਾਲੂ ਤੇ ਲਾਲੂ ਕਰ ਕੇ ਮਸ਼ਹੂਰ ਹੋਏ। ਆਪ ਦਾ ਨਾਂ ਕਾਲੂ ਚੰਦ ਮਹਿਤਾ ਜਾਂ ਮਹਿਤਾ ਕਾਲੂ ਰਾਏ ਕਰ ਕੇ ਵੀ ਆਉਂਦਾ ਹੈ।

          ਮਹਿਤਾ ਕਾਲੂ ਚੰਦ ਜੀ ਦੇ ਪਿਤਾ ਸ਼ਿਵਰਾਮ ਬੇਦੀ ਤਲਵੰਡੀ ਦੇ ਮੁਸਲਮਾਨ ਭੱਟੀ ਰਾਜਪੂਤ ਰਾਏ ਭੋਏ ਦੀ ਜਾਗੀਰ ਦੇ ਕਾਰਦਾਰ ਸਨ। ਸੰਮਤ 1518 ਨੂੰ ਰਾਏ ਭੋਏ ਦੀ ਮੌਤ ਮਗਰੋਂ ਉਸ ਦੇ ਪੁੱਤਰ ਰਾਇਬੁਲਾਰ ਨੇ ਕਾਲੂ ਚੰਦ ਜੀ ਨੂੰ ਆਪਣੇ ਇਲਾਕੇ ਦੀ ਜਾਗੀਰ ਦਾ ਪਟਵਾਰੀ ਬਣਾ ਲਿਆ।

          ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ‘ਬਚਿੱਤ੍ਰ ਨਾਟਕ’ ਅਨੁਸਾਰ ਮਹਿਤਾ ਕਾਲੂ ਚੰਦ ਜੀ ਦੇ ਬੇਦੀ ਕੁਲ ਸ਼੍ਰੀ ਰਾਮ ਚੰਦਰ ਜੀ ਨਾਲ ਜਾ ਜੁੜਦੀ ਹੈ। ਮਹਿਤਾ ਕਾਲੂ ਚੰਦ ਜੀ ਦੀ ਸੁਪਤਨੀ ਦਾ ਨਾਂ ‘ਤ੍ਰਿਪਤਾ’ ਜੀ ਸੀ। ਸੰਮਤ 1526 ਬਿਕ੍ਰਮੀ (1469 ਈ.) ਕੱਤਕ ਸੁਦੀ 15 ਨੂੰ ਇਨ੍ਹਾਂ ਦੇ ਘਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਨਮ ਲਿਆ। ਮਹਿਤਾ ਕਾਲੂ ਚੰਦ ਜੀ ਦੀ ਧੀ ਬੇਬੇ ਨਾਨਕੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਕਈ ਵਰ੍ਹੇ ਵੱਡੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਤੇ ਤਲਵੰਡੀ ਵਿਚ ਘਰ ਘਰ ਖੁਸ਼ੀ ਹੋਈ ਅਤੇ ਔਰਤਾਂ ਮਾਤਾ ਤ੍ਰਿਪਤਾ ਅਤੇ ਕਾਲੂ ਚੰਦ ਜੀ ਨੂੰ ਵਧਾਈ ਦੇਣ ਆਈਆ। ਮਹਿਤਾ ਕਾਲੂ ਚੰਦ ਜੀ ਨੇ ਵੀ ਆਪਣੀ ਸੱਮਰਥਾ ਅਨੁਸਾਰ ਮਠਿਆਈ, ਅੰਨ, ਬਸਤਰ ਅਤੇ ਨਕਦੀ ਵੰਡੀ। ਉਨ੍ਹਾਂ ਨੇ ਆਪਣੇ ਪ੍ਰੋਹਤ ਹਰਿਦਿਆਲ ਨੂੰ ਬੁਲਾ ਕੇ ਬਾਲਕ ਨਾਨਕ ਦਾ ਟੇਵਾ ਬਣਾਵਾਇਆ।

          ਮਹਿਲਾ ਕਾਲੂ ਚੰਦ ਜੀ ਆਪਣੇ ਪੁੱਤਰ ਨਾਨਕ ਨਾਲ ਆਮ ਕਰਕੇ ਗੁੱਸੇ ਹੋ ਜਾਂਦੇ ਕਿਉਂਕਿ ਉਹ ਬਾਲਕ ਅਵਸਥਾ ਵਿਚ ਹੀ ਆਪਣੇ ਘਰ ਦੇ ਬਸਤਰ, ਜ਼ੇਵਰ, ਬਰਤਨ ਅਤੇ ਅਨਾਜ ਗਰੀਬਾਂ ਵਿਚ ਵੰਡਦੇ ਰਹਿੰਦੇ ਸਨ। ਮਾਤਾ ‘ਤ੍ਰਿਪਤਾ’ ਤਾਂ ਆਪਣੇ ਪੁੱਤਰ ਨੂੰ ਅਵਤਾਰੀ ਪੁਰਖ ਕਰ ਕੇ ਜਾਣਦੇ ਸਨ ਪਰ ‘ਮਹਿਤਾ ਕਾਲੂ ਚੰਦ’ ਬਾਬੇ ਨਾਨਕ ਦੀ ਸ਼ਕਤੀ ਨੂੰ ਨਹੀਂ ਸਮਝਦੇ ਸਨ। ਉਹ ਨਾਨਕ ਨੂੰ ਥੋੜਾ ਜਿਹਾ ਲਿਖਾ ਪੜ੍ਹਾ ਕੇ ਵਪਾਰ ਵਿਚ ਲਗਾਉਣਾ ਚਾਹੁੰਦੇ ਸਨ। ‘ਸੱਚੇ-ਸੌਦੇ’ ਵਾਲੀ ਘਟਨਾ ਜਦੋਂ ਰਾਇ ਬੁਲਾਰ ਨੇ ਸੁਣੀ ਤਾਂ ਉਸ ਨੇ ਬਾਬਾ ਕਾਲੂ ਜੀ ਨੂੰ ਬੁਲਾ ਕੇ ਆਖਿਆ, “ਜਦ ਮੈਂ ਤੈਨੂੰ ਹੁਕਮ ਦੇ ਰਖਿਆ ਹੈ ਕਿ ਜੋ ਕੁਝ ਨਾਨਕ ਜੀ ਖਰਚੇ ਤੂੰ ਮੇਰੇ ਖ਼ਜ਼ਾਨੇ ਵਿਚੋਂ ਲੈ ਜਾਇਆ ਕਰ, ਪਰ ਇਸ ਨੂੰ ਕੁੱਝ ਨਾ ਆਖੀਂ, ਫੇਰ ਤੂੰ ਨਾਨਕ ਨੂੰ ਕਿਉਂ ਗੁੱਸੇ ਹੁੰਦਾ ਹੈਂ। ਕੀ ਕਰਾਂ ਤੂੰ (ਸ੍ਰੀ ਗੁਰੂ) ਨਾਨਕ ਦਾ ਬਾਪ ਹੈਂ ਨਹੀਂ ਤਾਂ ਤੈਨੂੰ ਹੁਣੇ ਸਜ਼ਾ ਦਿੰਦਾ।”

          ਰਾਇ ਬੁਲਾਰ ਦੇ ਕਹਿਣ ਤੇ ਇਨ੍ਹਾਂ ਨੇ ਬਾਬੇ ਨਾਨਕ ਨੂੰ ਇਸ ਦੇ ਭਣਵੱਈਏ ਸ੍ਰੀ ਜੈ ਰਾਮ ਦੇ ਨਾਲ ਸੁਲਤਾਨਪੁਰ ਲੋਧੀ ਭੇਜ ਦਿੱਤਾ।

          ਆਪਣੀ ਚੌਥੀ ਉਦਾਸੀ ਲਈ ਜਦੋਂ ਬਾਬਾ ਨਾਨਕ ਜੀ ਕਰਤਾਰਪੁਰੋਂ ਚੱਲਣ ਵਾਲੇ ਸੀ ਤਾਂ ਮਾਤਾ ਤ੍ਰਿਪਤਾ ਦਾ ਸੁਨੇਹਾ ਮਿਲਦੇ ਹੀ ਤਲਵੰਡੀ ਲਈ ਚੱਲ ਪਏ। ਮਾਤਾ ਤ੍ਰਿਪਤਾ ਜੀ, ਮਹਿਤਾ ਕਾਲੂ ਜੀ, ਚਾਚਾ ਲਾਲੂ ਜੀ ਅਤੇ ਹੋਰ ਸਾਰੇ ਲੋਕ ਬਾਬੇ ਦੇ ਦਰਸ਼ਨ ਕਰ ਕੇ ਨਿਹਾਲ ਹੋ ਗਏ। ਇਹ ਸਮਾਂ ਸੀ ਜਦੋਂ ਪਿਤਾ ਕਾਲੂ ਚੰਦ ਨੇ ਆਖਿਆ, “ਮੈਂ ਪ੍ਰੋਹਤ ਹਰਿਦਿਆਲ ਦੇ ਲਿਖੇ ਨੂੰ ਹਮੇਸ਼ਾ ਹਸਦਾ ਅਤੇ ਝੂਠ ਜਾਣਦਾ ਸੀ, ਹੁਣ ਸੱਚ ਮੰਨਿਆ ਹੈ ਜੋ ਕੁੱਝ ਉਸ ਨੇ ਲਿਖਿਆ ਸੋ ਦੇਖ ਲਿਆ, ਜਿਸ ਕਰ ਕੇ ਹੁਣ ਮੇਰੀ ਆਤਮਾ ਨਾਨਕ ਚੰਦ ਉੱਤੇ ਬਹੁਤ ਰਾਜ਼ੀ ਹੈ।’ 13 ਚੇਤਰ ਸੰਮਤ 1576 ਬਿਕ੍ਰਮੀ (1519 ਈ.) ਨੂੰ ਮਾਤਾ ਤ੍ਰਿਪਤਾ ਜੀ ਨੇ ਦੇਹ ਤਿਆਗੀ ਅਤੇ ਉਸ ਤੋਂ ਤੀਜੇ ਦਿਨ ਮਹਿਤਾ ਕਾਲੂ ਜੀ ਨੇ ਚੋਲਾ ਛੱਡ ਦਿੱਤਾ।

          ‘ਮਹਾਨ ਕੋਸ਼’ ਅਨੁਸਾਰ ਬਾਲਾ ਕਾਲੂ ਜੀ ਸੰਮਤ 1579 ਬਿਕ੍ਰਮੀ ਵਿਚ ਕਰਤਾਰਪੁਰ ਵਿਖੇ ਸਵਰਗ ਪਿਆਰੇ।

          ਹ. ਪੁ.––ਤਵਾ. ਗੁ. ਖ਼ਾ.; ਮ. ਕੋ. 325


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1511, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਕਾਲੂ ਬਾਬਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਾਲੂ, ਬਾਬਾ :    ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਜਿਨ੍ਹਾਂ ਦਾ ਜਨਮ ਬਾਬਾ ਸ਼ਿਵ ਨਾਰਾਇਣ ਬੇਦੀ ਦੇ ਘਰ ਮਾਤਾ ਬਨਾਰਸੀ ਜੀ ਦੀ ਕੁੱਖੋਂ ਸੰਨ 1440 (ਸੰਮਤ 1497) ਵਿਚ ਹੋਇਆ। ਆਪ ਦਾ ਵਿਆਹ ਮਾਤਾ ਤ੍ਰਿਪਤਾ ਜੀ ਨਾਲ ਹੋਇਆ ਅਤੇ ਆਪ ਦੇ ਘਰ ਬੀਬੀ ਨਾਨਕੀ ਅਤੇ ਗੁਰੂ ਨਾਨਕ ਦੇਵ ਜੀ ਦੋ ਬੱਚਿਆਂ ਨੇ ਜਨਮ ਲਿਆ। ਬਾਬਾ ਕਾਲੂ ਜੀ ਨੂੰ ਕਲਿਆਣ ਚੰਦ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਪਰ ਜ਼ਿਆਦਾ ਪ੍ਰਚਲਿਤ ਨਾਂ ਮਹਿਤਾ ਕਾਲੂ ਹੈ। ਆਪ ਤਲਵੰਡੀ (ਨਨਕਾਣਾ ਸਾਹਿਬ-ਪਾਕਿਸਤਾਨ) ਦੇ ਰਾਜਾ ਰਾਇ ਬੁਲਾਰ ਦੇ ਕਾਰਦਾਰ ਸਨ ਅਤੇ ਪਟਵਾਰੀ ਦਾ ਕੰਮ ਕਰਦੇ ਸਨ। ਆਪ ਨੇ ਬਾਲ ਗੁਰੂ ਨਾਨਕ ਨੂੰ ਸੰਸਾਰਕ ਕਾਰ ਵਿਹਾਰ ਵਿਚ ਲਗਾਉਣ ਦੇ ਕਈ ਯਤਨ ਕੀਤੇ ਪਰ ਸਫ਼ਲ ਨਾ ਹੋਏ। ਸੰਨ 1522 (ਸੰਮਤ 1579) ਵਿਚ ਆਪ ਦਾ ਦੇਹਾਂਤ ਹੋ ਗਿਆ। ਮਹਾਨ ਕੋਸ਼ ਅਨੁਸਾਰ ਆਪ ਦਾ ਦੇਹਾਂਤ ਕਰਤਾਰਪੁਰ ਵਿਖੇ ਹੋਇਆ ਪਰ ਗੁਰੂ ਨਾਨਕ ਪ੍ਰਕਾਸ਼ ਅਨੁਸਾਰ ਇਹ ਅਸਥਾਨ ਤਲਵੰਡੀ ਹੀ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1085, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-27-03-01-36, ਹਵਾਲੇ/ਟਿੱਪਣੀਆਂ: ਹ. ਪੁ. – ਮ. ਕੋ. ; ਤ. ਗੁ. ਖਾ;

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.